Arise, awake and organize to strive for the establishment of a classless, castles and gender discrimination free secular society.

Tuesday, 2 February 2021

ਨਿਰਾਸ਼ਾਜਨਕ ਅਤੇ ਬੇਰੁਜ਼ਗਾਰੀ, ਮਹਿੰਗਾਈ ਤੇ ਕਿਰਤੀ ਵਸੋਂ ਦੀ ਮੰਦਹਾਲੀ ਦੇ ਖਤਰਨਾਕ ਵਾਧੇ ਦਾ ਸ੍ਰੋਤ ਹੈ ਗਰੀਬ ਮਾਰੂ ਬਜਟ

 


 

ਜਲੰਧਰ, 2 ਫਰਵਰੀ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਬਜਟ ਨੂੰ ਪੂਰੀ ਤਰ੍ਹਾਂ ਨਿਰਾਸ਼ਾਜਨਕ ਅਤੇ ਬੇਰੁਜ਼ਗਾਰੀ, ਮਹਿੰਗਾਈ ਤੇ ਕਿਰਤੀ ਵਸੋਂ ਦੀ ਮੰਦਹਾਲੀ ਦੇ ਖਤਰਨਾਕ ਵਾਧੇ ਦਾ ਸ੍ਰੋਤ, ਗਰੀਬ ਮਾਰੂ ਬਜਟ ਕਰਾਰ ਦਿੱਤਾ ਹੈ।
ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਚੇਅਰਮੈਨ ਸਾਥੀ ਕੇ. ਗੰਗਾਧਰਨ ਅਤੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਉਕਤ ਬਜਟ ਵਸੀਲੇ ਪੈਦਾ ਕਰਨ ਲਈ ਧਨਾਢਾਂ ‘ਤੇ ਭਾਰ ਪਾਉਣ ਦੀ ਥਾਂ ਦੇਸ਼ ਦੇ ਕੁਦਰਤੀ ਖਜਾਨੇ ਅਤੇ ਜਨਤਕ ਜਾਇਦਾਦਾਂ ਵੇਚਣ ਦੇ ਤਬਾਹਕੁੰਨ ਮਨਸੂਬਿਆਂ ਦਾ ਪੁਲੰਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਮਵਰ ਅਰਥ ਸ਼ਾਸਤਰੀਆਂ ਅਤੇ ਸੁਹਿਰਦ ਧਿਰਾਂ ਵੱਲੋਂ, ਦੇਸ਼ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਘਰੇਲੂ ਮੰਗ ਵਧਾਉਣ ਹਿੱਤ, ਗਰੀਬਾਂ ਅਤੇ ਮੱਧ ਵਰਗ ਦੀ ਖਪਤ ਤੇ ਖ੍ਰੀਦ ਸਮਰੱਥਾ ‘ਚ ਵਾਧਾ ਕਰਨ ਦੇ ਸੁਝਾਆਂ ਦੀ ਇਸ ਬਜਟ ਵਿੱਚ ਮੁਕੰਮਲ ਅਣਦੇਖੀ ਕੀਤੀ ਗਈ ਹੈ।
ਸਾਥੀ ਗੰਗਾਧਰਨ ਅਤੇ ਪਾਸਲਾ ਨੇ ਕਿਹਾ ਕਿ ਵਸੋਂ ਦੇ ਤਿੰਨ ਚੌਥਾਈ ਤੋਂ ਵੀ ਵੱਧ ਹਿੱਸੇ ਦੇ ਗੁਜ਼ਾਰੇ ਦਾ ਸਾਧਨ ਖੇਤੀ ਧੰਦਾ, ਜਿਸ ਦੀ ਰਾਖੀ ਲਈ ਦੇਸ਼ ਦੇ ਕਿਸਾਨਾਂ ਅਤੇ ਹੋਰ ਮਿਹਨਤੀ ਵਰਗਾਂ ਨੇ ਸ਼ਾਨਦਾਰ ਸੰਘਰਸ਼ ਛੇੜਿਆ ਹੋਇਆ ਹੈ, ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।
ਦੇਸ਼ ਦੇ ਅਰਥਚਾਰੇ ਦੇ ਭਰੋਸੇਯੋਗ ਥੰਮ੍ਹ, ਛੋਟੇ ਤੇ ਦਰਮਿਆਨੇ ਉਦਯੋਗ ਅਤੇ ਕਾਰੋਬਾਰ ਤੇ ਪ੍ਰਚੂਨ ਵਿਉਪਾਰ ਨੂੰ ਪੈਰਾਂ ਸਿਰ ਖਲੋਣ ‘ਚ ਇਮਦਾਦ ਦੇਣ ਪੱਖੋਂ ਵੀ ਇਹ ਬਜਟ ਮੁਕੰਮਲ ਫੇਲ੍ਹ ਹੋਇਆ ਹੈ। ਬੱਜਟ ‘ਚ ਸਿੱਖਿਆ ਅਤੇ ਸਿਹਤ ਢਾਂਚੇ ਦੀਆਂ ਬੁਨਿਆਦਾਂ ਮਜ਼ਬੂਤ ਕਰਦਿਆਂ ਸਭ ਨੂੰ ਇੱਕ ਸਮਾਨ ਤੇ ਮਿਆਰੀ ਸੇਵਾਵਾਂ ਦੇਣ ਦਾ ਨਿਸ਼ਾਨਾ ਪੂਰੀ ਤਰ੍ਹਾਂ ਗਾਇਬ ਹੈ।
ਪੈਟਰੋਲ ਡੀਜ਼ਲ ਤੇ ਲਾਏ ਗਏ ਬੇਬਹਾ ਸੈੱਸ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਇਹ ਕਦਮ ਚੌਤਰਫਾ ਕੀਮਤ ਵਾਧੇ ਦਾ ਜ਼ਰੀਆ ਬਣੇਗਾ ਅਤੇ ਇਸ ਵਿੱਚੋਂ ਸੂਬਿਆਂ ਦੇ ਪੱਲੇ ਧੇਲਾ ਵੀ ਨਹੀਂ ਪੈਣਾ। ਰਹੀ ਕਸਰ ਦੀਵਾਲੀਆ ਵਿੱਤੀ ਘਾਟੇ ਨੇ ਪੂਰੀ ਕਰ ਦੇਣੀ ਹੈ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦਰਅਸਲ ਇਹ ਬਜਟ ਮੋਦੀ ਸਰਕਾਰ ਵੱਲੋਂ ਦੇਸੀ-ਬਦੇਸ਼ੀ ਕਾਰਪੋਰੇਟ ਲੋਟੂਆਂ ਦੇ ਮੁਨਾਫਿਆਂ ਦੀ ਸ਼ੈਤਾਨੀ ਹਵਸ ਪੂਰੀ ਕਰਨ ਲਈ ਤਿਆਰ ਕੀਤਾ ਗਿਆ ਹੈ ਤੇ ਇਸ ਵਿਚ ਮੋਦੀ ਸਰਕਾਰ ਵੱਲੋਂ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਦੇ ਜ਼ਾਲਮ ਖਾਸੇ ਦਾ ਝਲਕਾਰਾ ਸਪੱਸ਼ਟ ਨਜ਼ਰ ਆਉਂਦਾ ਹੈ।
ਸਾਥੀ ਚੇਅਰਮੈਨ ਅਤੇ ਜਨਰਲ ਸਕੱਤਰ ਨੇ ਪਾਰਟੀ ਸਫਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਬਜਟ ਦੇ ਲੋਕ ਦੋਖੀ ਪਹਿਲੂਆਂ ਤੋਂ ਲੋਕਾਈ ਨੂੰ ਜਾਣੂੰ ਕਰਵਾਉਂਦਿਆਂ ਇਸ ਖਿਲਾਫ ਤਿੱਖੀ ਜਨਤਕ ਲਾਮਬੰਦੀ ਕਰਨ।