ਜਲੰਧਰ, 30 ਸਤੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਕੇਂਦਰੀ ਕਮੇਟੀ ਦੀ ਮੀਟਿੰਗ 29-30 ਸਤੰਬਰ ਨੂੰ ਪਾਰਟੀ ਦੇ ਚੇਅਰਮੈਨ ਸਾਥੀ ਕੇ. ਗੰਗਾਧਰਨ ਦੀ ਪ੍ਰਧਾਨਗੀ ਹੇਠ ਸਿੰਘੂ ਬਾਰਡਰ ’ਤੇ ਹੋਈ।
ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੱਲੋਂ ਪੇਸ਼ ਕੀਤੀ ਗਈ ਰੀਵਿਊ ਅਤੇ ਭਵਿੱਖੀ ਕਾਰਜਾਂ ਸਬੰਧੀ ਰਾਜਸੀ ਰੀਪੋਰਟ ਭਖਵੀਂ ਬਹਿਸ ਉਪਰੰਤ ਸਰਵ ਸੰਮਤੀ ਨਾਲ ਪਾਸ ਕੀਤੀ ਗਈ।
ਕੇਂਦਰੀ ਕਮੇਟੀ ਨੇ 27 ਸਤੰਬਰ ਨੂੰ ਕੀਤੇ ਗਏ ਲਾਮਿਸਾਲ ਕਾਮਯਾਬ ਭਾਰਤ ਬੰਦ ਲਈ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਕਤ ਬੰਦ ਨੂੰ ਮੋਦੀ ਸਰਕਾਰ ਦੀਆਂ ਤਬਾਹਕੁੰਨ ਆਰਥਿਕ ਨੀਤੀਆਂ ਅਤੇ ਵੱਖਵਾਦੀ ਏਜੰਡੇ ਖਿਲਾਫ਼ ਲੋਕ ਫਤਵਾ ਕਰਾਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਚਲ ਰਹੇ ਦੇਸ਼ ਵਿਆਪੀ ਕਿਸਾਨ ਘੋਲ ਨੂੰ ਹੋਰ ਤੇਜ਼ ਕਰਦਿਆਂ ਮੋਦੀ ਸਰਕਾਰ ਦੀਆਂ ਨਵਉਦਾਰਵਾਦੀ ਨੀਤੀਆਂ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੇ ਫਿਰਕੂ-ਫਾਸ਼ੀ ਏਜੰਡੇ ਖਿਲਾਫ਼ ਆਵਾਮੀ ਸੰਘਰਸ਼ ਵਿੱਚ ਤਬਦੀਲ ਕਰਨ ਲਈ ਹਰ ਸੰਭਵ ਵਸੀਲੇ ਜੁਟਾਉਣ ਦਾ ਨਿਰਣਾ ਲਿਆ ਗਿਆ ਹੈ।
ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ, ਇਸਤਰੀਆਂ, ਕਬਾਇਲੀਆਂ ਤੇ ਹਾਸ਼ੀਆਗਤ ਆਬਾਦੀ ਸਮੂਹਾਂ ਖਿਲਾਫ਼ ਘਾਤਕ ਹਮਲਿਆਂ ’ਚ ਸੰਘੀ ਕਾਰਕੁੰਨ ਵੱਲੋਂ ਲਿਆਂਦੀ ਗਈ ਯੋਜਨਾਬੱਧ ਤੇਜ਼ੀ ਖਿਲਾਫ਼ ਹਰ ਪੱਧਰ ’ਤੇ ਵਿਚਾਰਧਾਰਕ ਮੁਹਿੰਮ ਚਲਾਉਂਦਿਆਂ ਅਸਰਦਾਰ ਜਨ ਪ੍ਰਤੀਰੋਧ ਉਸਾਰਨ ਦੀ ਵਿਉਂਤਬੰਦੀ ਕੀਤੀ ਗਈ।
ਮਹਿੰਗਾਈ, ਬੇਰੁਜ਼ਗਾਰੀ, ਗੁਰਬਤ, ਭੁਖਮਰੀ, ਕੁਪੋਸ਼ਣ ਆਦਿ ’ਚ ਅੰਤਾਂ ਦਾ ਵਾਧਾ ਕਰਨ ਵਾਲੀਆਂ, ਦੇਸ਼ ਦੀਆਂ ਜਨਤਕ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਤੇ ਉਨ੍ਹਾਂ ਦੇ ਸਾਮਰਾਜੀ ਜੋਟੀਦਾਰਾਂ ਦੇ ਹਵਾਲੇ ਕਰਨ ਵਾਲੀਆਂ ਮੋਦੀ-ਮਨਮੋਹਨ ਮਾਰਕਾ ਨਿਜੀਕਰਨ ਦੀਆਂ ਨੀਤੀਆਂ ਵਿਰੁੱਧ ਲੜ ਰਹੇ ਸਾਰੇ ਮਿਹਨਤਕਸ਼ ਤਬਕਿਆਂ ਦਾ ਸਾਂਝਾ ਮੰਚ ਉਸਾਰਨ ਲਈ ਬੱਝਵੇਂ ਯਤਨ ਕਰਨ ਦਾ ਫੈਸਲਾ ਕੀਤਾ ਗਿਆ। ਭਾਰਤ ਦਾ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚਾ ਤਬਾਹ ਕਰਕੇ ਇਸ ਨੂੰ ਕੱਟੜ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਲਈ ਤਰਲੋਮੱਛੀ ਹੋ ਰਹੀਆਂ ਮੰਨੂਵਾਦੀ ਤਾਕਤਾਂ ਖਿਲਾਫ਼ ਖੱਬੀਆਂ ਧਿਰਾਂ ਦਾ ਸਾਂਝਾ ਸੰਗਰਾਮੀ ਮੰਚ ਉਸਾਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਮੀਟਿੰਗ ’ਚ ਹੋਰਨਾ ਤੋਂ ਇਲਾਵਾ ਸਾਥੀ ਰਜਿੰਦਰ ਪਰਾਂਜਪੇ, ਹਰਕੰਵਲ ਸਿੰਘ ਅਤੇ ਕੇ ਐਸ ਹਰੀਹਰਨ ਨੇ ਵੀ ਵਿਚਾਰ ਰੱਖੇ।
ਉਕਤ ਰਾਜਨੀਤਕ ਸੇਧ ਅਨੁਸਾਰ 1 ਤੋਂ 7 ਨਵੰਬਰ ਤੱਕ ਧੁਰ ਹੇਠਾਂ ਤੱਕ ਪ੍ਰਭਾਵਸ਼ਾਲੀ ਲੋਕ ਲਾਮਬੰਦੀ ’ਤੇ ਆਧਾਰਿਤ ਐਕਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਤਾਮਿਲਨਾਡੂ ਦੇ ਸਾਥੀ ਭਾਸਕਰਨ ਨੂੰ ਕੇਂਦਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।