ਜਲੰਧਰ, 11 ਸਤੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਮੁੰਬਈ ਵਿਖੇ ਬਲਾਤਕਾਰ ਅਤੇ ਵਹਿਸ਼ੀਆਨਾ ਕੁੱਟ ਮਾਰ ਦੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਦੇ ਮੂੰਹ ਜਾ ਪਈ ਨੌਜਵਾਨ ਧੀ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਮ੍ਰਿਤਕਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀਂ ਇਸਤਰੀਆਂ ਅਤੇ ਬਾਲੜੀਆਂ ਨਾਲ ਦੇਸ਼ ਭਰ ਵਿੱਚ ਵਾਪਰ ਰਹੀਆਂ ਅਜਿਹੀਆਂ ਦਰਿੰਦਗੀ ਦੀਆਂ ਵਾਰਦਾਤਾਂ ’ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਸਾਥੀ ਪਾਸਲਾ ਨੇ ਅਜਿਹੇ ਘਿਨਾਉਣੇ ਜੁਰਮਾਂ ਦੇ ਦੋਸ਼ੀਆਂ ਪ੍ਰਤੀ ਸਰਕਾਰਾਂ ਅਤੇ ਪੁਲਸ-ਪ੍ਰਸ਼ਾਸਨ ਦੀ ਪੱਖਪਾਤੀ ਭੂਮਿਕਾ ਅਤੇ ਪੀੜਤ ਔਰਤਾਂ ਪ੍ਰਤੀ ਸਿਰੇ ਦੀ ਸੰਵੇਦਨਹੀਣ ਪਹੁੰਚ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਅਤੇ ਬਾਰਸੂਖ ਵਿਅਕਤੀਆਂ ਵੱਲੋਂ ਇਨ੍ਹਾਂ ਦਰਦਨਾਕ ਜੁਰਮਾਂ ਦੇ ਦੋਸ਼ੀਆਂ ਦੀ ਕੀਤੀ ਜਾਂਦੀ ਪੁਸ਼ਤ ਪਨਾਹੀ ਨਾਲ ਅਪਰਾਧੀਆਂ ਦੇ ਹੌਂਸਲੇ ਵਧਦੇ ਹਨ ਅਤੇ ਸਿੱਟੇ ਵਜੋਂ ਇਹ ਦਰਿੰਦੇ ਬੇਖੌਫ ਹੋ ਕੇ ਅਜਿਹੀਆਂ ਹੌਲਨਾਕ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਹਜ਼ਾਰਾਂ ਸਾਲ ਪੁਰਾਣੀ ਮਨੂੰ ਵਰਣ ਵਿਵਸਥਾ ਦੀ ਪੈਦਾਵਾਰ ਪਿੱਤਰਸੱਤਾਵਾਦੀ ਸੋਚ ਅਤੇ ਜਾਤੀਵਾਦੀ ਮਾਨਸਿਕਤਾ ਅਜਿਹੀਆਂ ਬਰਬਰ ਵਾਰਦਾਤਾਂ ਲਈ ਮੁੱਖ ਰੂਪ ’ਚ ਜ਼ਿੰਮੇਵਾਰ ਹਨ।
ਸਾਥੀ ਪਾਸਲਾ ਨੇ ਜਮਹੂਰੀ ਲਹਿਰ ਦੇ ਸਾਰੇ ਭਾਗਾਂ ਨੂੰ ਇਸ ਖਤਰਨਾਕ, ਅਮਾਨਵੀ ਤੇ ਅਸੱਭਿਅਕ ਵਰਤਾਰੇ ਵਿਰੁੱਧ ਜ਼ੋਰਦਾਰ ਸੰਘਰਸ਼ੀ ਲਾਮਬੰਦੀ ਦੀ ਅਪੀਲ ਕਰਦਿਆਂ ਪਾਰਟੀ ਅਤੇ ਜਨ ਸੰਗਠਨਾਂ ਦੀਆਂ ਇਕਾਈਆਂ ਨੂੰ ਇਨ੍ਹਾਂ ਵਾਰਦਾਤਾਂ ਖ਼ਿਲਾਫ਼ ਫੌਰੀ ਐਕਸ਼ਨ ਕਰਨ ਦਾ ਸੱਦਾ ਦਿੱਤਾ ਹੈ।
No comments:
Post a Comment